ਨਿਧਾਨ ਸਿੰਘ ਜੀ ! ਇਹ ਗੱਲ ਠੀਕ ਨਹੀਂ । 'ਆਪਣਾ ਖਾਏ ਬਿਗਾਨਾ ਤੱਕੇ, ਉਸਨੂੰ ਮਿਲਣ ਦਰਗਾਹੋਂ ਧੱਕੇ । ਤੁਹਾਡੇ ਘਰ ਰੱਬ ਦਾ ਦਿੱਤਾ ਸਭ ਕੁਝ ਹੈ । ਫਿਰ ਦੂਜਿਆਂ ਦੀ ਈਰਖਾ ਕਿਉਂ ?
ਠੀਕ ਹੀ ਸਿਆਣਿਆਂ ਨੇ ਕਿਹਾ ਹੈ, 'ਆਪਣਾ ਗੁੜ ਖਾਈਏ, ਪਰ ਛੁਪਾ ਕੇ । ਬਹੁਤੀ ਉਛਲ ਉਛਲੀ ਨਾਲ ਲੋਕੀਂ ਆਖਦੇ ਹਨ, ਹੋਛਾ ਹੈ ਤੇ ਸਾੜਾ ਕਰਦੇ ਤੇ ਦੁਖ ਪੁਚਾਉਂਦੇ ਹਨ ।
ਪਤਾ ਨਹੀਂ ਤੈਨੂੰ ਕਿਉਂ ਹਰ ਵੇਲੇ ਚੰਡ ਚੜਿਆ ਰਹਿੰਦਾ ਏ ? ਜਦੋਂ ਵੇਖੋ ਸੜੂੰ ਸੜੂੰ ਕਰਦੀ ਰਹਿਨੀ ਏਂ । ਖਿਆਲ ਰਖੀਂ, ਸੌਂ ਨਾ ਜਾਈਂ ਮੇਰੇ ਆਉਂਦਿਆਂ ਨੂੰ । 'ਆਪਣਾ ਘਰ ਸਾਂਭ ਕੇ ਰਖੀਏ ਤੇ ਚੋਰ ਕਿਸੇ ਨੂੰ ਨਾ ਆਖੀਏ ।" ਤੈਨੂੰ ਕਿਹੜੀ ਕਿਹੜੀ ਮੱਤ ਦੇਵਾਂ ।
ਆਹੋ ਜੀ, ਆਪਣਾ ਘਰ ਸਭ ਨੂੰ ਸੌ ਕੋਹਾਂ ਤੋਂ ਦਿਸਦਾ ਹੈ । ਪਰ ਦੂਜੇ ਦਾ ਚੁਬਾਰਾ ਅੱਖਾਂ ਸਾਹਮਣੇ ਵੇਖ ਵੀ ਅੱਖਾਂ ਮੀਟ ਲਈਦੀਆਂ ਹਨ ।
ਭਾਈ ਜੀ ਕਿਸੇ ਦੇ ਕੰਮ ਵਿੱਚ ਦਖ਼ਲ ਨਾ ਦਿਆ ਕਰੋ । 'ਆਪਣਾ ਘਰ ਜੋ ਚਾਹੇ ਸੋ ਕਰ।" ਕੋਈ ਜਿਵੇਂ ਚਾਹੇ ਕਰੇ, ਤੁਹਾਨੂੰ ਕੀ ?
ਕੰਮ ਕਿਉਂ ਨਾ ਰਾਸ ਹੋਵੇ ਉਹਦਾ । ‘ਆਪਣਾ ਤੋਸਾ, ਆਪ ਭਰੋਸਾ । ਕੰਮ ਤਾਂ ਆਪੇ ਰਾਸ ਹੋਣਾ ਹੋਇਆ। ਕਿਸੇ ਦੀ ਮੁਥਾਜੀ ਜੋ ਨਹੀਂ ।
ਵੇਖੋ ਜੀ, ਘਿਲ ਨਾ ਮਾਰਾਂ ਤਾਂ ਕੀ ਕਰਾਂ । 'ਆਪਣਾ ਨਾ ਭਰਿਆ ਤਾਂ ਕੁੜਮਾਂ ਅੱਗੇ ਕੀ ਧਰਿਆ। ਜਦ ਤੀਕ ਆਪਣਾ ਕੰਮ ਪੂਰਾ ਨਾ ਕਰਾਂ, ਦੂਜੇ ਦਾ ਕਿਵੇਂ ਕਰਾਂ ?
ਕਿਉਂ ਨੀ ਆਪਣਾ ਨੀਂਗਰ ਤੇ ਬਿਗਾਨਾ ਢੀਂਗਰ ਏ ? ਮੇਰੇ ਪੁੱਤ ਨੂੰ ਤੇਰੇ ਮੁੰਡੇ ਨੇ ਮਾਰਿਆ ਤੇ ਉਲਟਾ ਤੂੰ ਵੀ ਮੇਰੇ ਹੀ ਪੁੱਤ ਨੂੰ ਗਾਲਾਂ ਕੱਢੀ ਜਾਨੀ ਏਂ ?
ਸ਼ਾਹ ਜੀ, 'ਆਪਣਾ ਮਕਾਨ, ਕੋਟ ਸਮਾਨ' । ਛੋਟਾ ਹੈ, ਵੱਡਾ ਹੈ, ਆਖਰ ਹੈ ਤਾਂ ਆਪਣਾ।
ਉਸਤਾਦ- ਕਾਕਾ ! ਚੇਤੇ ਰਖੋ ਕਿ 'ਆਪਣਾ ਮਾਰੇਗਾ ਤਦ ਵੀ ਛਾਵੇਂ ਸੁੱਟੇਗਾ । ਮਾਪੇ ਗੁੱਸੇ ਵੀ ਹੋਣ, ਤਦ ਵੀ ਉਹ ਤੁਹਾਡਾ ਭਲਾ ਹੀ ਸੋਚਦੇ ਹਨ।
ਇਉਂ ਨਾ ਕੀਤਾ ਕਰ, ਆਪਣੀ ਬੁੱਕਲ ਵਿੱਚ ਝਾਤੀ ਮਾਰ । ਤੇਰਾ ਤਾਂ ਇਹ ਹਾਲ ਹੈ ਕਿ 'ਆਪਣਾ ਮੂੰਹ ਦਿਸੀਵੇ ਨਾ ਤੇ ਲੋਕ ਪਸੰਦੀ ਆਵੇ ਨਾ।' ਤੇਰੀਆਂ ਸਹੇਲੀਆਂ ਤੇਰੀ ਟਿੱਪਣੀ ਨੂੰ ਚੰਗਾ ਨਹੀਂ ਸਮਝਦੀਆਂ ।
ਤੁਸੀਂ ਮੈਨੂੰ ਭਾਵੇਂ ਕੁਝ ਪਏ ਸਮਝੋ, ਪਰ ਆਪਣਾ ਵਖਰ ਆਪ ਤੋਂ ਗੁੱਝਾ ਨਹੀਂ ਹੁੰਦਾ । ਮਸਾਂ ਗੁਜ਼ਾਰਾ ਤੁਰਦਾ ਹੈ ।