ਬਹੁਤੀ ਦੇ ਲਾਲਚ ਨੇ ਪਿੰਡੋਂ ਕਢ ਸ਼ਹਿਰ ਵਲ ਧਕਿਆ । ਸਹੁੰ ਤੇਰੀ ਹੈ ਮਿਤਰਾ ਕਿਕਰਾ, ਦਿਲ ਹੈ ਡਾਹਢਾ ਅਕਿਆ । ਆਪਣੀ ਨੀਂਦਰ ਸੌਂ ਨਹੀਂ ਸਕਦਾ, ਜਾਗ ਨਾ ਆਪਣੀ ਜਾਗੇ । ਮੈਂ ਉਹ ਮੈਂ ਨਹੀਂ ਰਹਿਆ, ਕਿੱਦਾਂ ਹੁਣ ਢੁੱਕਾਂ ਤੇਰੇ ਲਾਗੇ।
ਲੀਲਾ- ਭਾਈ ਜੀ ! ਸ਼ੀਲਾ ਦੇ ਵੀਰ ਦੇ ਕੈਦ ਹੋਣ ਨਾਲ ਤਾਂ ‘ਆਪਣੀ ਪਈ, ਪਰਾਈ ਵਿਸਰੀ' ਵਾਲੀ ਗੱਲ ਹੋ ਗਈ ਹੈ। ਹੁਣ ਉਹ ਕਿਸੇ ਨੂੰ ਘੱਟ ਵਧ ਹੀ ਔਖਾ ਕਰਦੀ ਹੈ।
ਸਰਦਾਰ ਜੀ ! ਸੱਚੀਂ 'ਆਪਣੀ ਪੱਗ ਆਪਣੇ ਹੱਥ ਹੁੰਦੀ ਹੈ। ਦੂਜੇ ਦੀ ਪੱਤ ਲਾਹੋਗੇ ਤਾਂ ਉਹ ਤੁਹਾਡੇ ਨਾਲ ਘੱਟ ਨਹੀਂ ਕਰੇਗਾ।
ਤੁਹਾਡਾ ਤਾਂ ਇਹ ਹਾਲ ਹੈ ਪਈ 'ਆਪਣੀ ਭਾਵੇਂ ਮੱਝ ਚਲੀ ਜਾਏ, ਸ਼ਰੀਕ ਦਾ ਘਲਿਆਰਾ ਜ਼ਰੂਰ ਚੁਰਾਉਣਾ ਏ। ਆਪਣੇ ਨਾਲ ਜੋ ਹੁੰਦੀ ਏ, ਹੋ ਜਾਏ ਦੂਜੇ ਨੂੰ ਸੱਟ ਜ਼ਰੂਰ ਮਾਰਨੀ ਏ ।
ਕਾਕਾ ਜੀ ! 'ਆਪਣੀ ਮੱਝ ਦਾ ਦੁੱਧ ਸੌ ਕੋਹ ਤੇ ਜਾ ਪੀਵੀਦਾ ਹੈ। ਆਏ ਗਏ ਦੀ ਖ਼ਾਤਰ ਕੀਤਾ ਕਰੋ। ਜਦ ਤੁਸੀਂ ਉਹਨਾਂ ਪਾਸ ਜਾਉਗੇ ਉਹ ਵੀ ਤੁਹਾਡੀ ਪੁੱਜ ਕੇ ਪੁਛ ਪਰਤੀਤ ਕਰਣਗੇ !
ਜਿਹੜਾ ਵੀ ਆਪਣੇ ਮੂੰਹੋਂ ਮੀਆਂ ਮਿੱਠੂ ਬਣੇ, ਉਸਨੂੰ ਆਪਣੇ ਔਗੁਣ ਭੀ ਗੁਣ ਜਾਪਦੇ ਹਨ।
ਪਰ ਰੱਬ ਨੂੰ ਇਹ ਮਨਜ਼ੂਰ ਸੀ ਕਿ ਗੁਨਾਹ ਦੀ ਮਜ਼ਦੂਰੀ ਇਹਨੂੰ ਸਾਰੀ ਮਿਲੇ ਤੇ 'ਆਪਣੇ ਹੱਥਾਂ ਦਾ ਬੀਜਿਆ ਉਹ ਆਪ ਵੱਢੇ। ਆਪਣੇ ਗੁਨਾਹ ਦੀ ਫ਼ਸਲ ਉਹ ਬਹੁਤ ਸਾਰੀ ਵੱਢ ਚੁੱਕੀ ਸੀ । ਹੁਣ ਨਿਰਾ ਬੋਹਲ ਸਾਂਭਣਾ ਸੀ ।
ਜਸਮੀਤ ਦੀ ਸਹੇਲੀ ਨੇ ਉਸ ਨੂੰ ਭਰੋਸਾ ਦਿੱਤਾ ਕਿ ਭੌਤਿਕ ਵਿਗਿਆਨ ਦੇ ਪ੍ਰੈਕਟੀਕਲ ਲਈ ਉਹ ਉਸ ਨੂੰ ਮਾਡਲ ਬਣਾ ਕੇ ਦੇਵੇਗੀ ਪਰ ਜਦੋਂ ਪ੍ਰੈਕਟੀਕਲ ਵਿੱਚ ਇੱਕ ਦਿਨ ਰਹਿ ਗਿਆ ਤਾਂ ਉਸ ਦੀ ਸਹੇਲੀ ਨੇ ਜਵਾਬ ਦੇ ਦਿੱਤਾ। ਜਸਮੀਤ ਘਬਰਾ ਗਈ ਤਾਂ ਉਸ ਦੇ ਦਾਦੀ ਜੀ ਨੇ ਕਿਹਾ, "ਅਜੇ ਵੀ ਵਕਤ ਹੈ ਤੂੰ ਮਾਡਲ ਤਿਆਰ ਕਰ ਸਕਦੀ ਹੈਂ। ਆਪਣਾ ਕੰਮ ਕਦੇ ਵੀ ਦੂਜਿਆਂ ਦੇ ਸਹਾਰੇ ਨਹੀਂ ਛੱਡਣਾ ਚਾਹੀਦਾ। ਸਿਆਣਿਆਂ ਨੇ ਠੀਕ ਹੀ ਕਿਹਾ ਹੈ- "ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ।"
ਕਾਕਾ ਕੀ ਹਰਜ ਹੈ ? 'ਆਪਣੀ ਗੌਂ ਨੂੰ ਗਧੇ ਨੂੰ ਭੀ ਬਾਪ ਆਖੀਦਾ ਹੈ ।" ਮਤਲਬ ਜੋ ਉਸ ਪਾਸੋਂ ਕੱਢਣਾ ਹੋਇਆ, ਸੋ ਜਾਹ ਜਾ ਕੇ ਮਿਲ ਆ।
ਤੇਜੋ- ਚੰਗਾ ਏ ਰੋਜ਼ ਦੇ ਪਿੱਟਣੇ ਨਾਲੋਂ । 'ਆਪਣੇ ਘਰ ਕੋਈ ਸੁਖੀ ਰਹੇ ਕੋਈ ਦੁਖੀ। ਬਿਗਾਨੇ ਦੇ ਬੂਹੇ ਤੇ ਬਹਿ ਕੇ ਕੀ ਖੱਟਿਆ ?
ਭੋਲਾ ਰਾਮ ਜੀ ! ਕਿਸੇ ਦੇ ਨਿੱਜੀ ਮਾਮਲਿਆਂ ਵਿੱਚ ਦਖ਼ਲ ਦੇਣਾ ਠੀਕ ਨਹੀਂ । 'ਆਪਣੇ ਘਰ ਕੋਈ ਛੱਜ ਵਜਾਏ ਕੋਈ ਛਾਨਣੀ, ਤੁਹਾਨੂੰ ਕੀ ?
ਮਜ਼ੂਰੀ ਮੈਨੂੰ ਤੁਸੀਂ ਕਰਨ ਨਹੀਂ ਦੇਂਦੇ, ਆਪ ਮਦਦ ਕੋਈ ਕਰਦੇ ਨਹੀਂ । ਮੈਂ ਕੀ ਕਰਾਂ ? ਤੁਸਾਡਾ ਇਹ ਹਾਲ ਹੈ ਅਖੇ 'ਆਪਣੇ ਘਰ ਪਕਾਈਂ ਨਾ ਤੇ ਸਾਡੇ ਘਰ ਆਈ ਨਾਂ । ਇਹ ਖੂਬ ਤਮਾਸ਼ਾ ਹੈ।