ਸਿਰਫ਼ ਲੋੜ ਪਏ ਤੇ ਮੂੰਹ ਖੋਲਣਾ ਚਾਹੀਦਾ ਹੈ । ਜਦ ਮਤਲਬ ਦੀ ਗੱਲ ਪੂਰੀ ਹੋ ਗਈ ਤਦ ਚੁੱਪ ਹੋ ਜਾਣਾ ਚਾਹੀਦਾ ਹੈ। ਚੁੱਪ ਜਿਹੀ ਕੋਈ ਚੀਜ਼ ਨਹੀਂ 'ਇਕ ਚੁੱਪ ਸੌ ਨੂੰ ਹਰਾਵੇ।'
ਸਿਮਰ ਦੀ ਸਹੇਲੀ ਦਿਲਪ੍ਰੀਤ ਗੁੱਸੇ ਵਿੱਚ ਉਸ ਨੂੰ ਬਹੁਤ ਬੁਰਾ-ਭਲਾ ਬੋਲ ਰਹੀ ਸੀ ਪਰ ਸਿਮਰ ਚੁੱਪ ਰਹੀ। ਉਸ ਦੇ ਜਾਣ ਤੋਂ ਬਾਅਦ ਸਿਮਰ ਦੇ ਮਾਤਾ ਜੀ ਨੇ ਕਿਹਾ, "ਸਿਮਰ, ਚੁੱਪ ਰਹਿ ਕੇ ਤੂੰ ਬਹੁਤ ਚੰਗਾ ਕੀਤਾ, ਅਖੇ-ਇੱਕ ਚੁੱਪ ਤੇ ਸੌ ਸੁੱਖ।"
ਦਾਦੀ - ਬੱਚੀ ! ‘ਇਕ ਛਾਲ ਮਾਰ ਕੇ ਕੋਠੇ ਤੇ ਨਹੀਂ ਚੜ੍ਹੀਦਾ। ਹਾਲੇ ਤਾਂ ਤੂੰ ਕੰਮ ਸ਼ੁਰੂ ਕੀਤਾ ਹੈ। ਸਫ਼ਲਤਾ ਲਈ ਬੜੀ ਕਰੜੀ ਘਾਲ ਦੀ ਲੋੜ ਹੈ।
'ਇਕ ਜੋੜੀਆਂ ਜੁੱਟ, ਇਕ ਨਰੜ ਹੁੰਦੇ, ਢੋ ਢੁਕਦੇ ਲਿਖਿਆਂ ਅਖਰਾਂ ਦੇ । ਖੇੜੇ ਸਿਆਲ ਕਰਤੂਤ ਦੇ ਧਨੀ ਦੋਵੇਂ, ਵਾਰਸ ਜੁੜੇ ਸਿਰ ਸਾਊਆਂ ਟਕਰਾਂ ਦੇ ।
ਤੁਸੀਂ ਤਾਂ 'ਇਕ ਡਗੇ ਪਿੰਡ ਮੰਗਦੇ ਹੋਂ, ਬਾਹਲੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਸਮੇਂ ਅਤੇ ਧਨ ਦੀ ਲੋੜ ਹੈ, ਜੇਰਾ ਰੱਖੋ, ਹੌਲੀ ਹੌਲੀ ਸਭ ਠੀਕ ਹੋ ਜਾਏਗਾ।
ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਕਿਉਂ ਇਸ ਗੱਲ ਦੀ ਜ਼ਿੱਦ ਕਰਦਾ ਹੈਂ। ਜਿਤਨੀ ਸਮਰੱਥਾ ਹੋਵੇ, ਉਤਨੇ ਹੀ ਪੈਰ ਪਸਾਰੀਦੇ ਹਨ। ਤੁਹਾਡੀ ਤੇ ਇਹ ਗੱਲ ਹੈ- 'ਇਕ ਢੁਕਦੀ ਨਹੀਂ, ਮੀਆਂ ਦੋ ਪਰਨਾਏ।'
ਅਖੀਰ ਸੋਚਦਿਆਂ ਸੋਚਦਿਆਂ ਉਸਨੂੰ ਇਕ ਢੰਗ ਲੱਭ ਹੀ ਪਿਆ । 'ਇਕ ਤੀਰ ਨਾਲ ਦੂਹਰਾ ਨਿਸ਼ਾਨਾ' ਢੂੰਡਣ ਵਾਲਾ।
ਜ਼ਿੰਦਗੀ ਵੀ ਖੂਬ ਹੈ । 'ਇਕ ਤੰਦ ਖੋਲੋ, ਦੂਜੀ ਉਲਝ ਜਾਂਦੀ ਹੈ।'
ਤੁਹਾਨੂੰ ਧੀਰਜ ਨਹੀਂ ਛੱਡਣਾ ਚਾਹੀਦਾ। ਤੁਹਾਡੇ ਵਰਗੇ ਯੂਸਫ਼ ਸਾਨੀ ਨੌਜਵਾਨ ਲਈ ਹੋਰ ਤੀਵੀਆਂ ਦਾ ਘਾਟਾ ਹੈ ? ''ਇਕ ਦਰ ਬੰਦ ਸਹੰਸਰ ਦਰ ਖੁੱਲਾ ।"
ਪ੍ਰਾਹੁਣੇ ਖੁਸ਼ ਕਿਵੇਂ ਜਾਂਦੇ । ਜੰਞ ਦੀ ਜੰਞ ਆ ਵੜੀ, ਅਖੇ 'ਇਕ ਦਾ ਮੂੰਹ ਤੇ ਖੰਡ ਨਾਲ ਭਰ ਸਕੀਦਾ ਹੈ, ਪਰ ਬਹੁਤਿਆਂ ਦਾ ਤਾਂ ਸਵਾਹ ਨਾਲ ਭੀ ਨਹੀਂ ਭਰ ਸਕੀਦਾ।
ਫੌਜਾ ਅੰਤ ਨੂੰ ਫੜਿਆ ਹੀ ਗਿਆ । 'ਇਕ ਦਿਨ ਸਾਧ ਦਾ ਤੇ ਸੌ ਦਿਨ ਚੋਰ ਦਾ । ਕਿੰਨਾ ਕੁ ਚਿਰ ਪਾਪ ਲੁਕਿਆ ਰਹਿਣਾ ਸੀ।
ਸੋ ਤੂੰ ਪ੍ਰਸੰਨ ਹੋਵੇਗੀ ਕਿ ਇਸ ਕੰਮ ਲਈ ਮੈਂ ਹਰ ਤਰ੍ਹਾਂ ਕਮਰਕਸੇ ਕਰ ਲਏ ਹਨ ਤੇ ਅਸੀਂ ਹੁਣ ਇਸ ਕੰਮ ਵਿਚ ਇੱਕ ਨਾਲੋਂ ਦੋ ਭਲੇ ਹੋਵਾਂਗੇ।