ਸਾਡੀਆਂ ਕੁੜੀਆਂ ਸੁਸ਼ੀਲਾ ਦੇ ਬੜੇ ਗੁਣ ਗਾਉਂਦੀਆਂ ਸਨ, ਪਰ ਉਸਦੀ ਗਵਾਂਢਣ ਕਰਤਾਰੋ ਬੋਲੀ, “ਛੱਡੋ ਨੀ ਇਨ੍ਹਾਂ ਗੱਲਾਂ ਨੂੰ 'ਉਹੀਓ ਬੁੱਲ੍ਹਾ ਮਿੱਠਾ ਜੋ ਅੱਖੀਂ ਨਹੀਂ ਡਿੱਠਾ` ਵਾਲੀ ਗੱਲ ਹੈ। ਉਹ ਘਰ ਵਾਲਿਆਂ ਲਈ ਬੜੀ ਕੁਲੱਛਣੀ ਏ।
ਦੂਸਰੇ ਕਵੀ ਹਾਸ਼ਮ ਦੀ ਚੜ੍ਹ ਮਚੀ ਵੇਖ, ਜੀ ਵਿੱਚ ਖਿਝਦੇ, ਪਰ ਕੀ ਕਰ ਸਕਦੇ ਸਨ। “ਉਹੀ ਰਾਣੀ ਜੋ ਖਸਮੇ ਭਾਣੀ।” ਜਦ ਰਣਜੀਤ ਸਿੰਘ ਨੂੰ ਉਹ ਪਰਵਾਨ ਸੀ, ਤਾਂ ਹੋਰ ਕੋਈ ਕੀ ਕਰ ਸਕਦਾ ਸੀ।
ਰਹਿਮਤ ਭੱਜੀ ਭੱਜੀ ਆਈ ਅਤੇ ਮਾਸੀ ਨੂੰ ਆਖਣ ਲੱਗੀ ਕਿ ਤੁਸਾਂ ਕਰਮੋ ਜੱਟੀ ਨੂੰ ਜਾਣਦੇ ਹੀ ਹੋ, ਕੱਖ ਭੰਨ ਕੇ ਦੂਹਰਾ ਨਹੀਂ ਕਰ ਸਕਦੀ, ਪਰ ਅੱਜ ਵੱਡੀ ਸੁਚੱਜੀ ਬਣ ਬੈਠੀ ਹੈ। ਮਾਸੀ ਬੋਲੀ-- ਅੜੀਏ ਤੂੰ ਸੁਣਿਆ ਨਹੀਂ ਕਿ 'ਉਹੋ ਕੁੜੀ ਸੁਚੱਜੀ ਜਿਸ ਦੀਆਂ ਕੱਛਾਂ ਹੇਠਾਂ ਸੋਟਾ”। ਉਹ ਹੁਣ ਰਿਸਾਲਦਾਰ ਦੀ ਵਹੁਟੀ ਜੂ ਹੋਈ।
ਕਰਮੋ ਨੇ ਸ਼ੀਲੋ ਨੂੰ ਮਿਹਣਾ ਮਾਰਿਆ, “ਭੈਣੇ ਤੂੰ ਆਹ ਕੀ ਕੀਤਾ ! ਦੇਣੀ ਸੀ ਤਾਂ ਨਵੀਂ ਛਤਰੀ ਦਿੰਦੀ, ਮੇਰੀ ਧੀ ਇਸ ਪੁਰਾਣੀ ਛਤਰੀ ਦੇ ਲਾਇਕ ਸੀ। ਉਹੋ ਬਾਹੀ ਜਿਹੜੀ ਪਹਿਨ ਕੇ ਲਾਹੀ।”
ਉਸ ਦੇ ਪੁੱਤਰ ਤਾਂ ਪੜ੍ਹ ਕੇ ਬੜੇ ਅਹੁਦਿਆਂ ਤੇ ਪੁੱਜ ਗਏ ਹਨ, ਪਰ ਉਹ ਆਪ ਉਵੇਂ ਹੀ ਪਿੰਡ ਵਿੱਚ ਰਹਿੰਦਾ ਹੈ, ਨਿੱਕੇ ਨਿੱਕੇ ਕੰਮ ਕਰਦਾ ਹੈ। ਕੱਲ੍ਹ ਇੱਕ ਮਿਤ੍ਰ ਨੇ ਉਸ ਨੂੰ ਟਿਚਕਰ ਕਰ ਕੇ ਕਿਹਾ, “ਭਾਈ ਸ਼ਿਵਨਾਥ ! ਜ਼ਮਾਨਾ ਬਦਲ ਗਿਆ, ਪਰ ਤੂੰ ਨਾ ਬਦਲਿਓ” ਉਹੋ ਬੂੜੀ ਖੋਤੀ, ਉਹੋ ਰਾਮ ਦਿਆਲ।
ਉਹ ਵਿਚਾਰਾ ਤਾਂ ਨਿਰਾ ਘੁੱਗੂ ਵੱਟਾ ਹੈ, ਇੱਲ੍ਹ ਦਾ ਨਾਂ ਕੋਕੋ ਨਹੀ” ਜਾਣਦਾ, ਪਰ ਜਦੋਂ ਕਿਸੇ ਨੇ ਇਹ ਝੂਠੀ ਅਫ਼ਵਾਹ ਫੈਲਾਈ ਕਿ ਸ਼ਹਿਰ ਦੇ ਜਲਸੇ ਵਿੱਚ ਉਸ ਨੇ ਬੜੀ ਵਧੀਆ ਤਕਰੀਰ ਕੀਤੀ ਹੈ, ਤਾਂ ਮੇਰੇ ਮਿੱਤਰ ਨੇ ਕਿਹਾ, ਉਹ ਜੀਭ ਨਾ ਰੱਖੇ ਤੇ ਆਖਣ ਹਲਕਾਏ।”
ਜਦੋਂ ਜੇਲ੍ਹ ਵਿੱਚ ਪਏ ਦੇਸ਼-ਭਗਤ ਨੂੰ ਇੱਕ ਮਿੱਤਰ ਨੇ ਸਜ਼ਾ ਤੇ ਜੇਲ੍ਹ ਦੇ ਜੀਵਨ ਦੀਆਂ ਤਕਲੀਫਾਂ ਤੋਂ ਬਚਣ ਲਈ ਸਰਕਾਰ ਤੋਂ ਮਾਫੀ ਮੰਗਣ ਲਈ ਕਿਹਾ, ਤਾਂ ਉਸ ਨੇ ਇਸ ਤਜਵੀਜ਼ ਨੂੰ ਠੁਕਰਾਉਂਦਿਆਂ ਬੜੇ ਸਿਦਕ ਨਾਲ ਕਿਹਾ, "ਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ।"
ਯਾਰਾ, ਕੁਝ ਨਾ ਪੁੱਛ ! ਸ਼ਾਮ ਸਿੰਘ ਵਿਚਾਰੇ ਨੇ ਠੇਕਾ ਕਾਹਦਾ ਲਿਆ ਏ ਮੁਸੀਬਤ ਸਹੇੜ ਲਈ ਸੂ, ਉਸ ਨੂੰ 'ਉਗਲੇ ਤਾਂ ਅੰਨ੍ਹਾ, ਨਿਗਲੇ ਤਾਂ ਕੋਹੜੀ' ਛੱਡ ਵੀ ਨਹੀਂ ਹੁੰਦਾ, ਸਰਕਾਰ ਰਕਮ ਜ਼ਬਤ ਕਰ ਲੈਂਦੀ ਹੈ। ਨਿਭਾਇਆ ਵੀ ਨਹੀਂ ਜਾਂਦਾ, ਮੁਸ਼ਕਲਾਂ ਬੜੀਆਂ ਹਨ।
ਹੁਣ ਪਿਤਾ ਜੀ ਆ ਗਏ ਹਨ । ਅਸੀਂ ਜਾਂਦੇ ਹਾਂ। ਸਾਡੀ ਕੀ ਲੋੜ ਹੈ ? 'ਉਗਵੈ ਸੂਰ ਨ ਜਾਪੈ ਚੰਦ।
ਇੱਕ ਕਲਰਕ ਐਡੀਟਰ ਬਣਿਆਂ ਬੈਠਾ ਸੀ, ਪਰ ਜਦ ਅਸਲੀ ਐਡੀਟਰ ਆ ਪਹੁੰਚਿਆ ਤਾਂ ਦੋਹਾਂ ਦਿਨਾਂ ਵਿਚ ਨਕਲੀ ਐਡੀਟਰ ਦਾ ਪਾਜ ਖੁੱਲ ਗਿਆ। “ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ।”
ਧੰਨੋ ਭੈਣ ! ਹੁਣ ਹੌਸਲਾ ਠਾਰੋ। “ਉਘਰੀ ਸੋ ਪਈ, ਪਈ ਸੋ ਸਹੀ"। ਹੁਣ ਤਾਂ ਜੋ ਕੁਝ ਹੋ ਗਿਆ ਹੈ, ਉਸ ਦੇ ਸਹਾਰਨ ਵਿੱਚ ਹੀ ਸੁਖ ਹੈ।
ਪੰਡਤ ਜੀ ਦਾ ਬਾਹਰਮੁਖੀ ਭੇਖ ਤੇ ਉਪਦੇਸ਼ ਤਾਂ ਸਚਮੁੱਚ ਸ਼ਲਾਘਾ ਯੋਗ ਹਨ, ਪਰ ਘਰ ਜਾ ਕੇ ਇਸਤਰੀ ਬੱਚਿਆਂ ਨਾਲ ਵਰਤਾ ਅਜਿਹਾ ਹੈ ਕਿ ਗਵਾਰਾਂ ਨੂੰ ਭੀ ਪਿੱਛੇ ਛੱਡ ਜਾਂਦੇ ਹਨ ! 'ਉੱਚਾ ਲੰਮਾ ਗੱਭਰੂ, ਪੱਲੇ ਠੀਕਰੀਆਂ” ਵਾਲੀ ਗੱਲ ਹੈ।