ਕੁਝ ਵੀ ਨਹੀਂ ਉਹਦੇ ਹੱਥ ਪੱਲੇ ! ਟੈਂ ਟੈਂ ਬਹੁਤ ਕਰਦਾ ਹੈ । 'ਸਿਰੋਂ ਗੰਜੀ ਤੇ ਕੰਘੀਆਂ ਦਾ ਜੋੜਾ' ਵਾਲੀ ਗੱਲ ਹੈ।
ਵਰਿਆਮ (ਜ਼ੋਰ ਨਾਲ ਹੱਸ ਕੇ) ਆਖੇ ‘ਸਿਰੋਂ ਪੈਰੋਂ ਨੰਗੇ ਹਾਂ, ਜਹਾਨ ਨਾਲੋਂ ਚੰਗੇ ਹਾਂ । ਬਾਊ ਜੀ ! ਡੰਗ ਦੀ ਡੰਗ ਰੋਟੀ ਤਾਂ ਨਸੀਬ ਨਹੀਂ ਹੁੰਦੀ, ਬਾਦਸ਼ਾਹ ਅਸੀਂ ਕਿਧਰੋਂ ਦੇ ਹੋ ਗਏ । ਇਹ ਸਭ ਸ਼ਾਹਾਂ ਨੇ ਜੱਟਾਂ ਨੂੰ ਵਡਿਆਉਣ ਲਈ ਗੱਲਾਂ ਬਣਾਈਆਂ ਹੋਈਆਂ ਨੇ !
ਰਾਮੋਂ—ਨੀ ਗੰਗੋ, ਇਹ ਕੋਈ ਨਵੀਂ ਗੱਲ ਏ, “ਸਿਲੇਹਾਰ ਨੂੰ ਸਿਲੇਹਾਰ ਨਹੀਂ ਭਾਉਂਦੀ । ਕੰਮ ਜੋ ਇੱਕੋ ਹੋਇਆ, ਵੈਰ ਭਾਵਨਾ ਤਾਂ ਹੋਣੀ ਹੀ ਹੋਈ।
ਸ਼ੰਕਰ ਦਾਸ- ਗੋਕਲ ਚੰਦ ਜੀ ! ਤੁਸਾਡੀ ਦੋਸਤੀ ਦੀ ਵੀ ਸਮਝ ਨਹੀਂ ਆਉਂਦੀ। ਅਸਾਡੇ ਨਾਲ ਤਾਂ ਤੁਹਾਡੀ ਮਿੱਤ੍ਰਤਾਈ ਹੈ ਪਰ ਸਾਡੇ ਮੁੰਡੇ ਨਾਲ ਵੈਰ। ਸਿੰਗਾਂ ਨਾਲ ਦੋਸਤੀ ਤੇ ਦੁੰਮ ਨਾਲ ਵੈਰ' ਵਾਲੀ ਗੱਲ ਹੋਈ ਇਹ ਤਾਂ।
ਮੈਨੂੰ ਕਿਹੜੀ ਘਾਟ ਏ, ਜੁ ਨਿੱਤ ਦਿਹਾੜੇ ਤੁਰ ਤੁਰ ਕੇ ਟੰਗਾਂ ਭੰਨਾਂ। 'ਸਿੰਘ ਦੀ ਸਿੰਘਣੀ, ਪੁੱਤ ਦੀ ਮਾਂ । ਰੁੱਖਾ ਕਿਉਂ ਖਾਂ, ਤੁਰਦੀ ਕਾਹਨੂੰ ਜਾਂ ?'
ਅਖੀਰ ਹਕੀਕਤ ਨੇ ਸਿਰ ਦੇ ਦਿੱਤਾ, ਪਰ ਸਿਰੜ ਨਾ ਛੱਡਿਆ।
ਭਲੇ ਓਹੀ ਜਿਹੜੇ 'ਸੀਨੇ ਬਸੀਨੇ ਰਖਣ, ਸੁਆਦ ਚਖਣ। ਬੁੜ ਬੁੜ ਕਰਨ ਨਾਲ ਕੁਝ ਨਹੀਂ ਹੱਥ ਆਉਂਦਾ ।
'ਰਾਂਝੇ ਆਖਿਆ ਖਿਆਲ ਨਾ ਪਵੋ ਮੇਰੇ, ਸ਼ੀਂਹ ਸੱਪ, ਫ਼ਕੀਰ ਦਾ ਦੇਸ ਕੇਹਾ ?'
ਬੱਲੇ ਬੱਲੇ, ਰਾਜ ਤਾਂ ਕਰ ਗਏ ਇਕ ਬਾਰੀ, ਸ਼ੀਂਹ ਬੱਕਰੀ ਇਕੋ ਘਾਟ ਪਾਣੀ ਪਲਾ ਦਿਤੇ, ਬਈ ਨਹੀਂ ਰੀਸਾਂ ਅੰਗਰੇਜ਼ਾਂ ਦੀਆਂ ।
ਤੇਰਾ ਕੀ ਹੈ, ਜਿਹੜੀ ਚੀਜ਼ ਘਰ ਵੇਖੀ, ਸ਼ਾਹ ਦੀ ਹੱਟੀ ਜਾ ਸੁੱਟੀ ਤੇ ਮੂੰਹ ਦਾ ਸੁਆਦ ਰਖ ਲਿਆ । ਇਉਂ ਤਾਂ ਅਸੀਂ ਅਜ ਵੀ ਉਜੜੇ ਤੇ ਕਲ ਵੀ ਉਜੜੇ, 'ਸੁਆਦਾਂ ਪੱਟੀ ਸਰਹਿੰਦ, ਬਸੀ ਦੇ ਹੋ ਗਏ ਕੋਲੇ । ਸੋਈ ਹਾਲ ਇਕ ਦਿਨ ਸਾਡਾ ਹੋਣਾ ਹੈ।
ਕੀ ਦੁੱਖ ਦਸਾਂ ਤੁਹਾਨੂੰ । ‘ਸੁਹਣਾ ਤੱਕ ਕੇ ਭੁੱਲੀ ਚੌਥਾ ਲੰਘਣ ਚੁੱਲ੍ਹੀ।' ਮੈਂ' ਬਾਹਰ ਦੀ ਟੀਪ ਟਾਪ ਵੇਖ ਕੇ ਜਾਤਾ, ਕੁਝ ਅੰਦਰ ਵੀ ਹੋਣਾ ਹੈ। ਪਰ ਵਿਚੋਂ ਮੇਰੇ ਸਾਹੁਰੇ ਪੋਲੇ ਹੀ ਸਨ।
ਨਾਨਕ ਚੰਦ— ਤਾਈ, ਜੀ ! ਹਿੰਮਤ ਕਰੋ, 'ਸੁਕੀ ਸਿਉਂ ਹਰੀ ਹੋ ਰਹੇਗੀ। ਮਿਹਨਤ ਤੇ ਉੱਦਮ ਕਰਨ ਨਾਲ ਤੁਸੀਂ ਵੀ ਤਕੜੇ ਹੋ ਜਾਉਗੇ।