ਜੋ ਕੰਮ ਕਰੋ, ਵੇਲੇ ਸਿਰ ਕਰੋ। 'ਸਾਵਣ ਵਹਾਏ, ਕਤਕ ਗਹਾਏ, ਅਰ ਪੋਹ ਪਿਲਾਏ, ਘਾਟਾ ਮੂਲ ਨਾ ਚਾਏ ।
'ਸਾਵਣ ਵਣ ਹਰੀਆਵਲੇ ਸੁਕੈ ਜਾਵਾਹਾਂ । ਸਭ ਕੋ ਸਰਸਾ ਵਰਸਦੇ ਝੂਰੈ ਜੋਲਾਹਾਂ ।
ਕੁੰਤੀ— ਇਹ ਗੱਲ ਸੋਲਾਂ ਆਨੇ ਸੱਚੀ ਹੈ ਕਿ 'ਸਾਈਂ ਬਾਝੋਂ ਸੌਣ ਤ੍ਰਿਹਾਈਆਂ। ਜਦ ਦੇ ਤੁਸਾਡੇ ਸੁਆਮੀ ਜੀ ਪ੍ਰਦੇਸ ਗਏ ਹਨ, ਕਿਸੇ ਨੇ ਤੁਸਾਡੇ ਵਲ ਵੱਟੀ ਨਹੀਂ ਵਾਹੀ।
ਸ਼ਾਹ— ਜੱਟ ਬਾਦਸ਼ਾਹ ਹੈ। ਜਿਸ ਦੀ ਮਦਦ ਕਰੇ, ਡੱਟ ਕੇ ਕਰਦਾ ਹੈ। 'ਸਾਂਝ ਜੱਟ ਦੀ ਜੋ ਭਵੇਂ ਨਾ, ਤੋੜਾ ਭੂਤ ਦਾ ਜੋ ਧਵੇਂ ਨਾ। ਤੁਸੀਂ ਜੱਟਾਂ ਨੂੰ ਕੀ ਸਮਝ ਰੱਖਿਆ ਹੈ ?
'ਸਾਂਝੇ ਅੱਬੇ ਕਿਸ ਨੇ ਦੱਬੇ ਹਨ ? ਸਾਂਝੀ ਚੀਜ਼ ਦੀ ਕੋਈ ਸੰਭਾਲ ਨਹੀਂ ਕਰਦਾ। ਆਪਣੀ ਹੋਵੇ ਤਾਂ ਵੇਖੀਏ । ਸੁੰਢ ਜਵੈਣ ਵੀ ਲੋਕੀ ਡੱਬੀਆਂ ਵਿਚ ਪਾਕੇ ਰੱਖਦੇ ਹਨ।
'ਸਾਂਵਲਿਆਂ ਦੇ ਨੈਣ ਸਾਂਵਲੇ', ਸੂਹਾ ਦੁਪੱਟਾ ਗੋਰੀ ਦਾ, ਇਕ ਰਾਂਝਾ ਮੈਨੂੰ ਲੋੜੀਦਾ।
ਵੇਖੋ ! ਮਹਾਂ ਸਿੰਘ ਕਿਤਨਾ ਚਤੁਰ ਬਣਿਆ ਫਿਰਦਾ ਸੀ, ਪਰ 'ਸਿਆਣਾ ਕਾਂ ਅਖ਼ੀਰ ਗੰਦਗੀ ਤੇ ਹੀ ਡਿਗਦਾ ਹੈ' । ਵਰ੍ਹਿਆਂ ਵੱਧੀ ਸੋਚ ਸੋਚ ਕੇ ਵਿਆਹ ਕੀਤਾ, ਤੇ ਉਹ ਵੀ ਇੱਕ ਲੁੱਚੇ ਘਰੋਂ ।
ਛੱਡੋ ਜੀ ਪਰਾਂ ਅਜੇਹੀ ਮਿੱਤ੍ਰਤਾ ਨੂੰ । 'ਸਿਆਣਾ ਵੈਰੀ ਵੀ ਮੂਰਖ ਮਿੱਤਰ ਤੋਂ ਚੰਗਾ ਹੁੰਦਾ ਹੈ। ਕੋਈ ਦਿਨ ਨਹੀਂ, ਜਦ ਮੈਂ ਇਸ ਭਲੇਮਾਣਸ ਤੋਂ ਪੱਗ ਨਾ ਲੁਹਾਈ ਹੋਵੇ ।
ਤੁਸੀਂ ਨੌਕਰ ਦੇ ਹੱਥੋਂ ਕਲਪਿਆ ਨਾ ਕਰੋ । ਜ਼ਰਾ ਅੱਖ ਵਿਖਾਇਆ ਕਰੋ, ਆਪੇ ਹੀ ਸੂਤ ਹੋ ਜਾਵੇਗਾ । ਤੁਸੀਂ ਜਾਣਦੇ ਹੀ ਹੋ ਕਿ 'ਸਿਆਣੇ ਨੂੰ ਸੈਨਤ, ਮੂਰਖ ਨੂੰ ਸੋਟਾ' ਅਤਿ ਲੋੜੀਂਦਾ ਹੈ ।'
ਕਿਰਸਾਨੋ ! ਧਿਆਨ ਨਾਲ ਸੁਣੋ, ਪੁਰਾਣੇ ਵਾਹਕਾਂ ਦਾ ਤਜਰਬਾ ਹੈ ਕਿ 'ਸਿਆਲ ਸੋਨਾ, ਹਾੜ ਰੁੱਪਾ, ਸਾਉਣ ਸਾਵੇਂ ਭਾਦੋਂ ਬਾਹੀ ਗਈ ਨਿਥਾਵੇਂ ।" ਵੇਲੇ ਸਿਰ ਹੀ ਖੇਤੀ ਨੂੰ ਸੁਆਰਨਾ ਲਾਭ ਦੇਂਦਾ ਹੈ।
ਸਾਡੇ ਪਹਾੜੀ ਇਲਾਕੇ ਵਿਚ ਠੰਢ ਵਧੀਕ ਹੋਣ ਨਾਲ ਬੜਾ ਕੱਕਰ ਪੈਂਦਾ ਹੈ । ਜ਼ਿਮੀਂਦਾਰ ਬੜੇ ਖੁਸ਼ ਹੁੰਦੇ ਹਨ । ਉਹ ਇਹ ਜਾਣਦੇ ਹਨ 'ਸਿਆਲ ਦਾ ਕੋਰਾ, ਰੂੜੀ ਦਾ ਬੋਰਾਂ । ਫਸਲਾਂ ਨੂੰ ਇਹ ਕੱਕਰ ਚੰਗੀ ਰੂੜੀ ਦਾ ਕੰਮ ਦੇਂਦੀ ਹੈ।
ਮੁਨਸ਼ਾ ਸਿੰਘ ਨੇ ਤਾਂ 'ਸ਼ਿਕਾਰ ਵੇਲੇ ਕੁੱਤੀ ਹਲਕਾਈ' ਵਾਲਾ ਹਿਸਾਬ ਹੀ ਕੀਤਾ । ਲੋੜ ਪੈਣ ਤੇ ਅਜੇਹਾ ਖਿਸਕਿਆ ਕਿ ਨਜ਼ਰ ਹੀ ਨਹੀਂ ਆਇਆ।