ਉਹ ਕਹਿੰਦਾ ਏ, ਛੇਤੀ ਹੀ ਇਸ ਦਾ ਪਤਾ ਟਿਕਾਣਾ ਮਾਲੂਮ ਹੋ ਜਾਵੇ, ਤਾਂ ਇਸ ਨੂੰ ਜਾਕੇ ਪਹੁੰਚਾ ਆਵੀਏ। ਬੱਚੀ ! ਜ਼ਮਾਨਾ ਜੋ ਚੰਦਰਾ ਹੋਇਆ। 'ਹਸਾਏ ਦਾ ਨਾ ਨਹੀਂ ਹੁੰਦਾ ਤੇ ਰੁਆਏ ਦਾ ਝਟ ਹੋ ਜਾਂਦਾ ਏ ।'
ਸਾਡੇ ਵਿੱਚ ਤਾਂ ਹਰ ਪੁਰਸ਼ ਤੀਵੀਂ ਬਾਰੇ ਇਹੀ ਸਮਝਦਾ ਹੈ, ਕਿ 'ਹੱਸੀ ਤੇ ਫਸੀ । ਪਰਦੇਸਾਂ ਵਿੱਚ ਤੁਸੀਂ ਕਿਸੇ ਤੀਵੀਂ ਨਾਲ ਹੱਸੋ ਖੇਡੇ, ਬੋਲੋ ਚੱਲੋ, ਮਿਲੋ ਗਿਲੋ, ਫਿਰ ਵੀ ਉੱਥੇ ਉਸ ਸੰਬੰਧੀ ਇਵੇਂ ਸਮਝਣਾ ਵੱਡੀ ਭੁੱਲ ਹੋਵੇਗੀ।
ਧੰਨਾ ਸਿੰਘ- ਵਾਹ ਸ਼ਾਹ! ਖੂਬ ਧਰਮ ਪਾਲਿਓ ਈ, ਅਖੇ ‘ਹਸੋਂ ਕੜੀ ਤੇ ਕੜੀਉਂ ਛਾਪ, ਤੇ ਛਾਪੋਂ ਵੀ ਜਵਾਬ', ਹਜ਼ਾਰ ਰੁਪਈਏ ਦਾ ਇਕਰਾਰ ਕਰਕੇ ਹੁਣ ਸੌ ਰੁਪਈਏ ਵੀ ਦੇਣ ਤੋਂ ਮੁੱਕਰ ਬੈਠਾ ਏਂ !
ਫ਼ਕੀਰ- ਸਿੰਘ ਜੀ ! 'ਹਕੀਮ ਦਾ ਯਾਰ ਰੋਗੀ ਤੇ ਪੰਡਤ ਦਾ ਯਾਰ ਸੋਗੀ।" ਨਹੀਂ ਅੱਜ ਕੱਲ ਲੋੜ ਬਿਨਾਂ ਕੋਈ ਕਿਸੇ ਪਾਸ ਜਾਂਦਾ ਹੈ ?
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸ ਗਾਇ॥ ਗੁਰ ਪੀਰ ਹਾਮਾ ਤਾ ਭਰੇ ਜਾ ਮੁਰਦਾਰ ਨਾ ਖਾਇ ॥
ਮਾਂ- ਕਾਕਾ ! 'ਹਗਦਿਆਂ ਦੇ ਹੇਠਾਂ ਹੱਥ ਨਹੀਂ ਧਰੀਦਾ । ਜਿਹੜੇ ਕੁਸੰਗ ਕਰਦੇ ਹਨ' ਸਦਾ ਦੁਖੀ ਹੁੰਦੇ ਹਨ।
ਸ਼ਾਹ- ਧੰਨਾ ਸਿੰਘ ਜੀ, ਤੁਹਾਡਾ ਵੀਰ ਤਾਂ ‘ਹੱਛਾ, ਸਭ ਦਾ ਵੱਛਾ' ਬਣਿਆ ਹੈ ਹਰ ਕੋਈ ਉਸੇ ਨੂੰ ਕੰਮ ਆਕੇ ਪਾਂਦਾ ਹੈ।
ਈਸ਼ਰ ਦਾਸ-ਮਨੀ ਰਾਮ ਜੀ। ਵਪਾਰ ਕੀਕਰ ਚਲੇ ? ਤੁਸਾਡੀ ਮੂੜੀ ਥੋੜੀ ਹੈ, ਵਿਆਜ ਤੇ ਕਰਾਇਆ ਸਿਰ ਪੁੱਟਣ ਨਹੀਂ ਦੇਂਦੇ, ਸਿਆਣਿਆਂ ਨੇ ਇਸੇ ਕਰਕੇ ਆਖਿਆ ਹੈ ਕਿ 'ਹੱਟ ਕਰਾਏ ਕੰਮ ਬਿਆਜੀ, ਉਸ ਭੈੜੇ ਦੀ ਪੂਰੀ ਬਾਜੀ।
ਧੰਨਾ ਸਿੰਘ- ਮੈਂ ਉਹਦੇ ਘਰ ਗਿਆ ਤਾਂ ਉਹ ਅੱਗੋਂ ਭੂਏ ਚੜ੍ਹ ਪਿਆ। ਕਰਮ ਸਿੰਘ- 'ਪਈ ਹੱਟੀ ਕਿਰਾੜ ਤੇ ਜੰਗਲ ਬਘਿਆੜ' ਨਹੀਂ ਛੇੜੀਦੇ । ਤੈਨੂੰ ਕੀ ਲੋੜ ਸੀ, ਉਹਦੇ ਘਰ ਜਾਣ ਦੀ ? ਬਾਹਰ ਹੁੰਦਾ ਤੇ ਵੇਖਦੇ।
ਸ਼ਾਹ-ਮੀਆਂ ! ਤੂੰ ਤਾਂ ਐਵੇਂ ਹੀ ਵੱਡਾ ਬਣੀ ਫਿਰਦਾ ਏਂ ? ਤੇਰਾ ਤਾਂ ਇਹ ਹਾਲ ਹੈ ਕਿ 'ਹੱਟੀ ਵੜਨਾ ਮਿਲੇ ਨਾ, ਮਹਿਤਿਆ ਪੂਰਾ ਤੋਲ।'
ਜੁਲਾਹਿਆ-ਮਿਰਜ਼ਿਆ ਤੂੰ ਤਾਂ ਓਹੋ ਗੱਲ ਕੀਤੀ ਅਖੇ ‘ਹੱਟੀ ਵਿਚ ਕਪਾਹ ਤੇ ਮੇਰੀ ਤਾਣੀ ਦੇ ਲਾਹ ।' ਸੂਤ ਤਾਂ ਤੇਰੀ ਸੁਆਣੀ ਨੇ ਹਾਲੀ ਮੈਨੂੰ ਪੁਚਾਇਆ ਨਹੀਂ ਤੇ ਤੂੰ ਖੱਦਰ ਲੈਣ ਆ ਗਿਆ ਏਂ ?
ਡਾਕਟਰ-ਹਰੀ ਸਿੰਘ ਜੀ ! ‘ਹੱਡ ਸ਼ਰੀਕਾ ਹੁੰਦਾ ਏ, ਕਰਮ ਸ਼ਰੀਕਾ ਨਹੀਂ ਹੁੰਦਾ। ਤੁਲਸੀ ਦਾਸ ਦੀ ਭਾਵਨਾ ਉਸਦੀ ਕਿਸਮਤ ਵਿੱਚ ਕੀ ਫਰਕ ਪਾ ਸਕਦੀ ਏ ?