ਅਜੇ ਕੀ ਪਤਾ ਹੈ ਜੀ, ਕੀ ਕੀ ਹੋਣਾ ਹੈ ? 'ਕਣਕ ਖੇਤ, ਕੁੜੀ ਪੇਟ ਆ ਜਵਾਈਆ ਮੰਡੇ ਖਾਹ' । ਅਜੇ ਤਾਂ ਮੇਰਾ ਆਪਣਾ ਮੁੱਢ ਵੀ ਨਹੀਂ ਬੱਝਾ। ਮੈਂ ਕਿਸੇ ਹੋਰ ਨੂੰ ਕੀ ਧੀਰਜ ਬੰਨਾਵਾਂ ?
ਮੰਦਾ ਕਿਵੇਂ ਨਾ ਹੋਵੇ, ਕਣਕ ਜੁ ਛੋਲਿਆਂ ਦੇ ਭਾ ਪਈ ਵਿਕਦੀ ਹੋਈ। 'ਕਣਕ ਘਟੇਂਦਿਆਂ ਗੁੜ ਘਟੇ ਤੇ ਮੰਦੀ ਪਏ ਕਪਾਹ।
ਕਿਸਮਤ ਦੀ ਗੱਲ ਹੈ। ਦੋਹਾਂ ਇੱਕੋ ਦਿਨ ਇਕ ਕੰਮ ਆਰੰਭ ਕੀਤਾ । ਪਰ ਉਹ ਖੱਟ ਗਿਆ ਤੇ ਮੈਂ ਕੰਗਾਲ ਹੋ ਉੱਠਿਆ। 'ਕਣਕ ਡਿੱਗੇ ਕਮਬਖ਼ਤ ਦੀ, ਝੋਨਾ ਡਿੱਗੇ ਬਖ਼ਤਾਵਰ ਦਾ।'
ਪਿੰਡ ਵਿੱਚ ਸ਼ਰਾਰਤੀ ਲੋਕ ਤਾਂ ਥੋੜ੍ਹੇ ਹੀ ਸਨ, ਪਰ ਪੁਲਸ-ਚੌਕੀ ਸਾਰੇ ਪਿੰਡ ਤੇ ਲਾ ਦਿੱਤੀ ਗਈ। 'ਕਣਕ ਨਾਲ ਘੁਣ ਪਿਸਣ' ਵਾਲੀ ਹੀ ਗੱਲ ਹੋਈ।
ਪਈ ਬੰਦੇ ਦੀ ਗੱਲ ਨਾ ਕਰੋ। ਆਕੜ ਬਹੇ, ਤਾਂ ਰੱਬ ਹੀ ਰਾਖਾ ਹੈ। ਕਣਕ ਫਿੱਟੇ ਤੇ ਗੰਢੇਲ, ਆਦਮੀ ਫਿੱਟੇ ਤਾਂ ਜਾਂਝੀ ।' ਬਸ ਜ਼ਿਮੀ ਤੇ ਪੈਰ ਨਹੀਂ ਰੱਖਦਾ।
'ਕਤਦਿਆਂ ਵੀ ਖਾਣਾ ਤੇ ਵਤਦਿਆਂ ਵੀ ਖਾਣਾ'। ਪੇਟ ਜੂ ਰੱਬ ਨੇ ਨਾਲ ਲਾ ਦਿੱਤਾ। ਫਿਰ ਵਿਹਲੇ ਕਿਵੇਂ ਬੈਠੀਏ ?
ਮੈਂ ਕਿੰਨਾ ਕੁ ਚਿਰ ਉਡੀਕਦਾ ਰਹਾਂ ਤੁਹਾਡਾ ਰੁਪਿਆ ਬਾਹਰੋਂ ਆਉਣ ਨੂੰ। ‘ਕਦ ਬਾਬਾ ਮਰੇ ਤੇ ਕਦ ਬੈਲ ਵੰਡੀਏ' ਮੈਂ ਤਾਂ ਹੁਣ ਨਕਦੋ ਨਕਦ ਲੈਣਾ ਏਂ । ਮਨਜ਼ੂਰ ਹੈ-ਤਾਂ ਗੱਲ ਕਰੋ।
ਛੱਡੋ ਜੀ, ਮੇਲਾ ਰਾਮ ਦੀ ਗੱਲ ਦਾ ਕੀ ਇਤਬਾਰ ਹੈ ? ਉਹ ਤਾਂ 'ਕਦੀ ਤੋਲਾ ਕਦੀ ਮਾਸਾ' ਵਾਲਾ ਸੁਭਾ ਰੱਖਦਾ ਹੈ। ਉਸ ਨਾਲ ਕੀ ਵਣਜ ਕਰਨਾ ਹੋਇਆ ?
ਮੈਂ ਵੀ ਜਿੰਨੇ ਜੋਗਾ ਹਾਂ, ਆਪਣੇ ਵੱਲੋਂ ਤੁਹਾਡੀ ਇੱਛਾ ਪੂਰੀ ਕਰਨ ਵਿੱਚ ਅੱਡੀ ਚੋਟੀ ਦਾ ਜ਼ੋਰ ਲਾਈ ਜਾ ਰਿਹਾ ਹਾਂ । ਪਰ ਇਹ ਗੱਲ ਦਸੋ, 'ਕਦੀ ਥੁੱਕਾਂ ਨਾਲ ਵੀ ਵੜੇ ਪਕਦੇ ਹੁੰਦੇ ਨੇ ?
ਸ਼ਾਹ ਜੀ ! ਮੈਂ ਡਾਢ ਕੀਤਾ, ਤਾਂ ਕਿਉਂ ਚੀਕਦੇ ਹੋ ? ਤੁਸੀਂ ਵਿਆਜ ਲੈਣ ਵੇਲੇ ਕੀ ਕਸਰ ਛੱਡੀ ਸੀ ? 'ਕਦੀ ਦਾਦੇ ਦੀਆਂ, ਕਦੀ ਪੋਤੇ ਦੀਆਂ।'
ਜ਼ਿੰਦਗੀ ਵਿੱਚ ਦਿਨ ਸਦਾ ਇੱਕੋ ਜਿਹੇ ਨਹੀਂ ਰਹਿੰਦੇ, 'ਕਦੀ ਧੁੱਪ, ਕਦੀ ਛਾਂ।' ਇਸ ਲਈ ਨਿੱਕੀ ਮੋਟੀ ਗੱਲ ਦਿਲ ਨੂੰ ਨਹੀਂ ਲਾਣੀ ਚਾਹੀਦੀ।
ਸੁਆਣੀ— ਇਹ ਸਾਰਾ ਮੈਤ੍ਰੀ ਦਾ ਹੀ ਫਲ ਹੈ। 'ਕਦੀ ਪਾਟੀਆਂ ਕੰਧਾਂ ਉਪਰ ਵੀ ਛੱਤ ਟਿੱਕੀ ਹੈ ?” ਮਿਲੀਆਂ ਕੰਧਾਂ ਤੇ ਹੀ ਮਹਿਲ ਬਣਦੇ ਹਨ।