ਤੁਸੀਂ ਅਪਣੀ ਭਲੀ ਨਿਬੇੜੋ। ਦੂਜਿਆਂ ਦੇ ਨਾਲ ਤੁਹਾਨੂੰ ਕੀ ? ਅਖੇ 'ਕਾਜ਼ੀ ਨੂੰ ਸ਼ਹਿਰ ਦਾ ਝੋਰਾ' ਇਹ ਕਿਉਂ ?
ਸਾਰੇ ਜਣੇ- ਹੱਛਾ ਸ਼ਾਹ ਜੀ ! ਇਹ ਹਸਾਨ ਸਾਡੇ ਤੇ ਸਹੀ । ਪਰ ਗੱਲ ਉਹ ਕਰਨੀ ਚਾਹੀਦੀ ਏ, ਜੋ ਗਾਹਕ ਮੁੜ ਵੀ ਆਵੇ। ਨਹੀਂ ਤਾਂ ਤੁਸੀਂ ਜਾਣਦੇ ਹੋ, 'ਕਾਠ ਦੀ ਹਾਂਡੀ ਇਕੋ ਵਾਰ ਚੜ੍ਹਦੀ ਏ ।'
ਪੰਚਾ ! ਤੂੰ ਤਾਂ ਬੜਾ ਭੋਲਾ ਏਂ । ਅਖੇ 'ਕਾਠ ਦੀ ਬਿੱਲੀ, ਮਿਆਉਂ ਕੌਣ ਕਰੇ'। ਗ਼ਰੀਬ ਚੰਦ ਪਾਸੋਂ ਦਲੇਰੀ ਦੀ ਆਸ ਰੱਖਣੀ ਮੂਰਖਤਾ ਹੈ, ਉਹ ਵਿਚਾਰਾ ਤਾਂ ਹਿੱਲ ਵੀ ਨਹੀਂ ਸਕਦਾ।
ਕਦੀ ਇਹ ਹੁੰਦਾ ਡਿੱਠਾ ਜੇ ਕਿ ਮਾੜੀ ਗੱਲ ਨੂੰ ਹੋਰ ਮਾੜਾ ਕੰਮ ਕਰਕੇ ਦਬਾਇਆ ਜਾਵੇ ? 'ਕਾਠੀ ਤੇ ਜੇ ਕਾਠੀ ਮਰੀਜੇ, ਅੰਤ ਭਜੇਗੀ। ਖ਼ਰਾਬੀ ਵਧੇਗੀ ਹੀ, ਘਟੇਗੀ ਨਹੀਂ।
ਮੈਂ ਤੁਸਾਡੇ ਵਿੱਚੋਂ ਤਾਂ ਕਿਸੇ ਨੂੰ ਕੁਝ ਨਹੀਂ ਆਖਿਆ ! ਤੁਸੀਂ ਤਾਂ ਐਵੇਂ ਹੀ ਮੂੰਹ ਭਾਰਾ ਕਰ ਬੈਠੀਆਂ ਹੋ, ਤੁਸਾਡੀ ਤਾਂ ਓਹੋ ਗੱਲ ਹੈ ਅਖੇ 'ਕਾਣਾ ਕਣਾਵਾਂ ਤੇ ਲੰਙਾ ਲੰਙਾਵੇ।' ਐਵੇਂ ਮੇਰੀ ਗੱਲ ਆਪਣੀ ਵੱਲ ਖਿੱਚੀ ਜਾਂਦੀਆਂ ਹੋ।
ਨਕਟੇ ਨੂੰ ਇਹ ਗੱਲ ਥੋੜੀ ਜੇਹੀ ਚੁਭ ਗਈ ਤੇ ਫੁਰਤੀ ਨਾਲ ਕਹਿਣ ਲਗਾ- ਇਹਨੀ ਗੱਲੀਂ ਹੀ ਤਾਂ ਕਹਿੰਦੇ ਹਨ ਕਿ ਕਾਣੇ ਦੀ ਇਕ ਰਗ ਵਧੀਕ ਹੁੰਦੀ ਹੈ।
ਧਨੋ ਸ਼ਾਹ-ਪੰਡਤ ਜੀ ! ਜੋ ਜੀ ਆਵੇ ਕਹੀ ਜਾਉ, ਬਸ ਇਹ ਚੇਤਾ ਰਖੋ ਕਿ ਕਾਮਿਆਂ ਦੇ ਕਹੇ ਕਦੀ ਢੱਗੇ ਨਹੀਂ ਮਰਦੇ।
ਮੇਰੇ ਜਿਹੇ ਗ਼ਰੀਬਾਂ ਦਾ ਜ਼ੋਰ ਮੇਰੀਆਂ ਬਾਹਾਂ ਤੇ ਹੈ, ਅਮੀਰ ਦਾ ਪੈਸੇ ਤੇ । 'ਕਾਮੇ ਲੜਨ ਬਖ਼ਤਾਵਰਾਂ ਦੇ, ਬਲਦ ਲੜਨ ਕੰਮਬਖ਼ਤਾਂ ਦੇ । ਮੇਰੇ ਨਾਲ ਜੇ ਮੇਰੇ ਮਿੱਤਰ ਹੀ ਲੜ ਪਏ ਤਾਂ ਮੈਂ ਕਿਹੜੇ ਖੂਹ ਡਿੱਗਾਂਗਾ।
ਸ਼ਾਹ ਜੀ । ਮੈਂ ਕੀ ਕਰਾਂ ? ਕਦੇ ਨਾ ਮੰਗਦਾ, ਪਰ 'ਕਾਲ ਦੀ ਬੱਧੀ ਨੇ ਮੰਗਿਆ ਤੇ ਬਾਲ ਦੀ ਬੱਧੀ ਨੇ ਮੰਗਿਆ ।' ਮੁੰਡਾ ਬੀਮਾਰ ਹੈ । ਓਹਦੇ ਦਾਰੂ ਲਈ ਮੈਨੂੰ ਰੁਪਈਏ ਚਾਹੀਦੇ ਹਨ । ਮੈਨੂੰ ਖ਼ਾਲੀ ਨਾ ਮੋੜੋ।
ਵੈਦ ਜੀ : 'ਕਾਲ ਦੇ ਹੱਥ ਕਮਾਨ, ਬੁੱਢਾ ਬਚੇ ਨਾ ਜਵਾਨ' । ਰੱਬ ਦਾ ਭਾਣਾ ਇਸੇ ਤਰ੍ਹਾਂ ਸੀ ।
ਕਾਲ ਟੋਲ ਜਾਂਦਾ ਹੈ, ਕੁਲੀ ਖਾਂ ਨਹੀਂ । ਦੁੱਖ ਝਲੇ ਜਾਂਦੇ ਹਨ, ਦੁਖੀ ਕਰਨ ਵਾਲਾ ਨਹੀਂ ਝੱਲਿਆ ਜਾਂਦਾ।
ਕੋਈ ਗੱਲ ਨਹੀਂ 'ਕਾਲ ਤਾਂ ਨਿਕਲ ਹੀ ਜਾਵੇਗਾ, ਪਰ ਗੱਲ ਰਹਿ ਜਾਵੇਗੀ। ਮੈਂ ਵੀ ਚੇਤੇ ਤਾਂ ਰੱਖਾਂਗਾ, ਕੌਣ ਮੇਰਾ ਹੈ, ਕੌਣ ਬਿਗਾਨਾ।