ਝੁੱਗਾ ਚੌੜ ਕੀਤਾ ਤੇਰਾ, ਤੇਰੇ ਬੇਲੀਆਂ ਨੇ । ਸਾਡੇ ਹਿੱਸੇ ਕੀਹ ਆਇਆ--ਬੱਸ, ਬਦਨਾਮੀ । 'ਖਾ ਗਏ ਘਰ ਵਾਲੇ ਤੇ ਨਾਂ ਪਰਾਹੁਣਿਆਂ ਦਾ ।' ਵਾਲੀ ਗੱਲ ਹੋਈ ਹੈ ਸਾਡੇ ਨਾਲ ਤਾਂ ।
ਸ਼ਰਾਬੀ-'ਖਾ ਗਏ ਰੰਗ ਲਾ ਗਏ ਜੋੜ ਗਏ, ਸੋ ਰੋੜ੍ਹ ਗਏ । ਖੂਬ ਛਕੋ ਪਿਆਰਿਓ, ਭਰ ਭਰ ਕੇ ਪਿਆਲੇ, ਪਿਛਲੇ ਆਪਣਾ ਹਿਸਾਬ ਆਪੇ ਨਿਬੇੜ ਲੈਣਗੇ, ਤੁਸੀਂ ਆਪਣਾ ਜ਼ਿਕਰ ਕਰੋ ।
ਬੱਚਾ ਖਾ ਚੂਰੀ, ਚੋ ਮੱਝ ਬੂਰੀ, ਜੀਉ ਵਿਚ ਨਾ ਹੋ ਦਲਗੀਰ ਮੀਆਂ । ਰੱਬ ਕਾਜ ਸਵਾਰਸੀ ਆਪ ਤੇਰੇ, ਕੋਈ ਤੁਧ ਨਾ ਹੋਵਸੀ ਭੀੜ ਮੀਆਂ !
ਕਿਹਾ ਜਾਂਦਾ ਹੈ ਕਿ 'ਖਾਣ ਦਾ ਖਵਾਣ ਹੁੰਦਾ ਹੈ'। ਜਿਹੜਾ ਖੁਆਂਦਾ ਨਹੀਂ, ਉਹ ਕਿਸੇ ਕੋਲੋਂ ਖਾਂਦਾ ਕਿਕਣ ਹੋਵੇਗਾ ?
ਨਾਨੀ—ਇਹ ਦੋਹਤਾ ਵੀ ਚੰਗਾ ਟੱਕਰਿਆ ਹੈ ਸਾਨੂੰ । 'ਖਾਣ ਦਾ ਮਸਾਲਾ ਤੇ ਹੱਡੀਆਂ ਦਾ ਸਾੜਾ' । ਖਾਂਦਾ ਪੀਂਦਾ ਵੀ ਸਾੜਦਾ ਰਹਿੰਦਾ ਹੈ।
ਕੀ ਕਰਾਂ ਏਨੇ ਪੁੱਤਰਾਂ ਨੂੰ ? ਖਾਣ ਨੂੰ ਗੱਲਾ ਤੇ ਮਾਰ ਨੂੰ ਕੱਲਾ । ਸਭ ਰੋਟੀਆਂ ਦੇ ਯਾਰ ਹਨ । ਕੋਈ ਨਹੀਂ ਮੇਰੀ ਬਾਂਹ ਬਣਦਾ ।
ਸੱਜਨਾ ਇੱਦਾਂ ਤਾਂ ਨਿਭਣੀ ਮੁਸ਼ਕਲ ਏ, 'ਖਾਣ ਪੀਣ ਨੂੰ ਦੋ ਮੰਨੀਆਂ ਕੰਮ ਕਰਨ ਨੂੰ ਬਾਹਵਾਂ ਭੰਨੀਆਂ' ਵਾਲਾ ਹਿਸਾਬ ਇੱਥੇ ਨਹੀਂ।
ਵਾਹ ! ਇਹ ਚੰਗੀ ਗੱਲ ਹੋਈ, 'ਖਾਣਾ ਹਲਵਾਈਆਂ ਦੇ ਤੇ ਭੌਂਕਣਾ ਕਸਾਈਆਂ ਦੇ' ਇਹ ਗੱਲ ਪੁੱਗਣੀ ਮੁਸ਼ਕਲ ਏ ਇੱਥੇ।
ਇਨੀ ਛੇਤੀ ਅੱਖ ਨਹੀਂ ਫੇਰਨੀ ਚਾਹੀਦੀ । 'ਖਾਣਾ ਖਾਧਾ ਤੇ ਪਤਲ ਪਾਣੀ' ਵਾਲੀ ਗੱਲ ਚੰਗੀ ਨਹੀਂ ਹੁੰਦੀ।
ਜੀ ‘ਖਾਣਾ ਪੀਣਾ ਆਪਣਾ ਤੇ ਨਿਰੀ ਸਲਾਮ ਅਲੇਕ' ਨੂੰ ਕੋਈ ਕੀ ਕਰੇ ? ਮਿੱਤਰ ਉਹ, ਜੋ ਵੇਲੇ ਸਿਰ ਕੰਮ ਆਵੇ ।
ਨੀ ਮੂਰਖੇ । ਇਹ ਕਿਹੜੇ ਪਾਸੇ ਦੀ ਸਿਆਣਪ ਹੈ ? ਅਖੇ “ਖਾਣਾ ਮੰਗ ਕੇ ਤੇ ਮਾਰਨੇ ਡਕਾਰ" । ਜਿੰਨੀ ਵਿੱਤ ਹੋਵੇ, ਓਨੀ ਹੀ ਆਕੜ ਵੀ ਚੰਗੀ ਹੈ। ਨਹੀਂ ਤਾਂ ਤੈਨੂੰ ਪਤਾ ਹੀ ਹੈ ਕੀ ਅੰਤ ਹੁੰਦਾ ਹੈ ਅਜਿਹੇ ਬੰਦਿਆਂ ਦਾ।
ਬਸ ਜੀ ਬਸ, ਬਣ ਬਣ ਕੇ ਨਾ ਬਹੁ ਬਹੁਤੇ । ਜਾਣਦੇ ਹਾਂ ਤੁਹਾਡਾ ਸਾਰਾ ਹੀਜ ਪਿਆਜ, ਅੰਦਰ ਬਾਹਰ। ‘ਖਾਣੇ ਛੋਲੇ ਤੇ ਡਕਾਰ ਮਖਾਣਿਆਂ ਦੇ' ਵਾਲੀ ਗੱਲ ਚੰਗੀ ਨਹੀਂ।