ਹਰੀ ਸਿੰਘ- ਸਰਦਾਰ ਜੀ, ਸੱਚ ਹੈ, 'ਅੰਨ ਵਿੱਚ ਹੀ ਪ੍ਰਾਣ ਹਨ । ਮਾਨ ਸਿੰਘ ਕਿਤਨਾ ਲਿੱਸਾ ਹੋ ਗਿਆ ਸੀ । ਚਾਰ ਪੈਸੇ ਆਮਦਨੀ ਹੋਣ ਨਾਲ ਤੇ ਰੱਜਵੀਂ ਰੋਟੀ ਮਿਲਣ ਨਾਲ ਕੇਹਾ ਸੋਹਣਾ ਗੱਭਰੂ ਨਿਸਰਿਆ ਹੈ ।
ਵਾਸੁ- ਅੰਨ੍ਹਿਆਂ ਵਿਚ ਕਾਣਾ ਰਾਜਾ । ਸੁਆਦ ਤਾਂ ਏ ਜੇ ਸਾਡੇ ਰਾਜੇ ਨਾਲ ਲੜੇ ।
'ਅੰਨੈ ਬਿਨਾ ਨਾ ਹੋਇ ਸੁਕਾਲ । ਤਜਿਐ ਅੰਨਿ ਨਾ ਮਿਲੈ ਗੁਪਾਲ ॥
ਪਾਲਾ ਸਿੰਘ- ਬਸ ਅੰਨ੍ਹਾ ਕੀ ਭਾਲੇ ਦੋ ਅੱਖਾਂ ?' ਯਾਰ ਤਾਂ ਅੱਗੇ ਹੀ ਮੌਕਾ ਲੱਭਦੇ ਸੀ । ਮੈਂ ਆਖਿਆ ਸੁੰਦਰੀਏ । ਮੈਂ ਵੀ ਮਾਪਿਆਂ ਦਾ ਇੱਕੋ ਇੱਕ ਪੂਤ ਹਾਂ ਜੋ ਬੱਤੀਆਂ ਦੰਦਾਂ ਵਿੱਚੋਂ ਕਢੇਂਗੀ, ਪੂਰੀ ਕਰਾਂਗਾ ।
ਹਰੀ ਚੰਦ ਨੂੰ ਕੌਣ ਸਿਆਣਾ ਆਖੇ । ਉਸਦੀ ਤਾਂ 'ਅੰਨ੍ਹਾ ਕੁੱਤਾ ਵਾ ਨੂੰ ਭੌਂਕੇ ਵਾਲੀ ਗੱਲ ਹੈ । ਵਿਅਰਥ ਰੌਲਾ ਪਾਈ ਜਾਂਦਾ ਹੈ ।
ਰਾਜੇ -ਵਾਹ ਵੇ ਚੌੜ ਚਾਨਣਾ ! 'ਅੰਨ੍ਹਾ ਜੁਲਾਹਿਆ ਤੇ ਮਾਂ ਨਾਲ ਮਸ਼ਕਰੀਆਂ ਹੁਣ, ਤੂੰ ਸਾਡੇ ਨਾਲ ਠੱਠੇ ਹੀ ਕਰਨੇ ਸਨ ।
ਏਥੇ ਤਾਂ ਅੰਨ੍ਹਾ ਦੋਜ਼ਖੀ ਤੇ ਡੋਰਾ ਬਹਿਸ਼ਤੀ ਵਾਲੀ ਗੱਲ ਠੀਕ ਨਿਕਲੀ ਹੈ । ਕਰਮੇ ਨੇ ਧਰਮੇ ਨੂੰ ਸੋਟੇ ਮਾਰੇ ਤੇ ਸ਼ਾਮ ਨੇ ਉਸ ਤੋਂ ਪੈਸੇ ਖੋਹੇ। ਹੁਣ ਧਰਮਾ ਕਰਮੇ ਉੱਤੇ ਮੁਕੱਦਮਾ ਕਰੀ ਬੈਠਾ ਹੈ, ਪਰ ਸ਼ਾਮੂ ਨਾਲ ਜੱਫੀਆਂ ਪਾਂਦਾ ਹੈ।
ਰਾਮ ਕੌਰ- ਕਾਕਾ ! ਤੈਨੂੰ ਪਤਾ ਹੀ ਸੀ, ਕਿ ਇਸ ਮੂਰਖ ਨੇ ਕੋਈ ਉਲਟਾ ਕੰਮ ਹੀ ਕਰਨਾ ਹੈ। ਅੰਨ੍ਹੇ ਨਾਈ ਪਾਸ ਕਾਠ ਦਾ ਹੀ ਉਸਤਰਾ ਹੋਣਾ ਸੀ।
ਓਇ ਮੂਰਖੋ ! ਕੀ ਹੋ ਗਿਆ ਤੁਹਾਨੂੰ ? ਅਖੇ 'ਅੰਨ੍ਹਾ ਮਾਰੇ ਅੰਨ੍ਹੀ ਨੂੰ, ਘਸੁੰਨ ਮਾਰੇ ਥੰਮੀ ਨੂੰ । ਕੋਈ ਗੱਲ ਵੀ ਹੋਵੇ, ਜਿਸ ਪਿੱਛੇ ਲੜੋ । ਹਵਾ ਵਿੱਚ ਕਿਉਂ ਡਾਂਗਾਂ ਮਾਰਦੇ ਹੋ ?
ਸਰਦਾਰ ਜੀ : ਮੇਰਾ ਤਾਂ ਇਹ ਹਾਲ ਹੈ ਕਿ 'ਅੰਨ੍ਹਾ ਵੱਟੇ ਰੱਸੀ ਤੇ ਪਿਛੋਂ ਵੱਛਾ ਖਾ ਗਿਆ'। ਸਦਾ 'ਅੱਗਾ ਦੌੜ' ਤੇ 'ਪਿੱਛਾ ਚੌੜ' ਵਾਲਾ ਹਾਲ ਹੀ ਰਿਹਾ ਹੈ।
‘'ਅੰਨ੍ਹਾ ਵੰਡੇ ਰੇਵੜੀਆਂ, ਮੁੜ ਮੁੜ ਆਪਣਿਆਂ ਨੂੰ।" ਵਜ਼ੀਰ ਫ਼ਜ਼ਲ ਹੱਕ ਕਹਿੰਦਾ ਸੀ,' ਜੇ ਮੇਰੇ ਸਾਰੇ ਭਤੀਜੇ ਹੀ ਲਾਇਕ ਹੋਣ, ਤਾਂ ਸਭਨਾਂ ਨੂੰ ਉੱਚੇ ਅਹੁਦੇ ਕਿਉਂ ਨਾ ਮਿਲਣ" ?
ਸ਼ਰਨ ਸਿੰਘ ਤਾਂ ਵਿਚਾਰਾ ਸਧਾਰਨ ਹੈ ਹੀ ਸੀ । ਹੁਣ ਉਸਦੀ ਵਹੁਟੀ ਵੀ ਉਹੋ ਜਿਹੀ ਕਮਲੀ ਆ ਗਈ ਹੈ । "ਅੰਨ੍ਹੀ ਅੰਨ੍ਹਾ ਰਲਿਆ ਤੇ ਸਾਰਾ ਝੁੱਗਾ ਗਲਿਆ ।" ਹੁਣ ਤਾਂ ਬਸ ਜੈ ਸੀਤਾ ਰਾਮ ਹੀ ਹੈ ।