ਤ੍ਰਿਲੋਕ ਸਿੰਘ- ਕੱਲ ਹਰੀ ਸਿੰਘ ਸਾਡੀ ਦੁਕਾਨ ਤੇ ਦਵਾਈਆਂ ਕੁਟਦਾ ਹੁੰਦਾ ਸੀ, ਇਕ ਦੋ ਨੁਸਖੇ ਹੱਥ ਆ ਜਾਣ ਨਾਲ ਹਕੀਮ ਬਣ ਬੈਠਾ। ਅਖੇ ‘ਹਲਦੀ ਦੀ ਗੰਢੀ ਲੈ ਕੇ ਚੂਹਾ ਪਸਾਰੀ ਬਣ ਬੈਠਾ ਹੈ।'
ਕਾਹਨ ਚੰਦ- ਨੱਥੂ ! 'ਹੱਲ ਦੇਵੋ ਚਾਰ, ਫਸਲ ਹੋਵੇ ਮਾਰੋ ਮਾਰ'। ਜਿੰਨਾ ਗੁੜ ਪਾਉਗੇ, ਓਨਾ ਮਿੱਠਾ। ਬਿਨਾਂ ਮਿਹਨਤ ਕੁਝ ਨਹੀਂ ਜੇ ਲੱਭਣਾ ।
ਬੁੱਢੀ- ਖੱਟ ਕੀ ਲਿਆਣਾ ਸੀ ਉਸ ਨੇ ? ਉਸ ਦਾ ਤਾਂ ਉਹ ਹਾਲ ਹੈ ਕਿ 'ਹਲ ਨਾ ਪੰਜਾਲੀ ਆਇਆ ਮੇਰੀ ਭਿਆਲੀ।'
ਹਲ ਵਾਹਦੇ ਚੰਗੇ ਤੇ ਨੌਕਰ ਮੰਦੇ। ਪਰਾਈ ਗ਼ੁਲਾਮੀ ਨਾਲੋਂ ਹੱਥਾਂ ਦੀ ਕਾਰ ਸੌ ਗੁਣਾ ਚੰਗੀ ਹੈ, ਭਾਵੇਂ ਕਿੰਨੀ ਵੀ ਕਰੜੀ ਹੋਵੇ।
ਰਲਾ ਸਿੰਘ- ਮੁਨਸ਼ਾ ਸਿੰਘ ਜੀ ! ਫਤਹ ਚੰਦ ਦੀ ਤਾਂ ਉਹ ਗੱਲ ਹੈ ਕਿ 'ਹਵੇਲੀ ਮੀਏਂ ਬਾਕਰ ਦੀ, ਵਿੱਚ ਸਲੇਮੇ ਆਕੜਦੀ। ਕੰਠਾ ਤਾਂ ਤੁਸਾਥੋਂ ਮੰਗਵਾ ਆਂਦਾ ਹੈ, ਪਰ ਆਕੜ ਆਕੜ ਬਹਿੰਦਾ ਹੈ।
ਬੱਚੀ- ਜ਼ਮਾਨਾ ਜੋ ਚੰਦਰਾ ਹੋਇਆ । ਹਸਾਏ ਦਾ ਨਹੀਂ ਹੁੰਦਾ ਤੇ ਰਵਾਏ ਦਾ ਝਟ ਪਟ ਹੋ ਜਾਂਦਾ ਹੈ। ਵੇਖੀਂ ! ਬੱਚ ਕੇ ਰਹੀਂ ਕਿਤੇ ਹਾਸੇ ਦਾ ਤਮਾਸ਼ਾ ਨਾ ਹੋ ਜਾਇ।
ਬਾਬਾ, ਜੇ ਥਾਣੇਦਾਰ ਨੇ ਝਿੜਕਿਆ ਹੈ, ਤਾਂ ਗੁੱਸਾ ਨ ਕਰ ! ਤੂੰ ਵੀ ਉਹਦੇ ਨਾਲ ਕਿਹੜੀ ਘੱਟ ਕੀਤੀ ਏ ? ਹਾਕਮ ਦੇ ਅੱਗੋਂ ਦੀ ਤੇ ਘੋੜੇ ਦੇ ਪਿੱਛੋਂ ਦੀ ਨਹੀਂ ਲੰਘੀਦਾ। ਹੁਣ ਜੇ ਉਹ ਆ ਲੜੇ, ਤਾਂ ਕੀ ਅਯੋਗ ਹੈ ?
ਚੌਧਰੀ-- ਚੌਕੀਦਾਰ ! ਜੇ ਅਫ਼ਸਰ ਨੇ ਝਿੜਕਿਆ ਹੈ ਤਾਂ ਰੰਜ ਨਾ ਹੋ। 'ਹਾਕਮ ਦੇ ਝਿੜਕੇ ਤੇ ਚਿੱਕੜ ਦੇ ਤਿਲਕੇ ਦਾ ਕਾਹਦਾ ਗੁੱਸਾ ?
ਪਈ ਦੱਸੋ, ਅਸਾਡਾ ਮਿਠਾਈ ਦਾ ਹਿੱਸਾ ਕਿੱਥੇ ਜੇ ? ਇਹ ਤਾਂ 'ਹਾਜ਼ਰ ਕੋ ਮਿਹਰ' ਵਾਲੀ ਗੱਲ ਹੋਈ ਹੈ । ਰਤਾ ਪਛੜ ਕੇ ਪੁਜੇ, ਤਾਂ ਸਭ ਕਾਸੇ ਤੋਂ ਨਾਂਹ ਹੋ ਗਈ ।
ਉਹ ਇਹ ਵੀ ਦੱਸਣਾ ਚਾਹੁੰਦਾ ਸੀ ਕਿ ਜਵਾਨੀ ਨੂੰ ਤਾਂ ਸਿਰਫ਼ ਇੱਕੋ ਟਕੋਰ ਦੀ ਲੋੜ ਹੈ, ਫਿਰ ਆਪੇ ਚਾਲੇ ਪੈ ਜਾਂਦੀ ਹੈ। ‘ਹਾਣ ਨੂੰ ਹਾਣ ਪਿਆਰਾ ਹੁੰਦਾ ਹੈ । ਇਸ ਅੱਗੇ ਸੋਹਣਪ ਜਾਂ ਕੋਝ ਦੀ ਕੋਈ ਤਮੀਜ ਨਹੀਂ।
ਨੌਕਰੀ ਛੁੱਟੀ ਤਾਂ ਸਮਝਿਆ, ਗੋਪੀ ਚੰਦ ਦਾ ਹੁਣ ਕੁਝ ਨਹੀਂ ਬਣਨਾ । ਪਰ ਉਸ ਵਿੱਚ ਗੁਣ ਏਨੇ ਸਨ, ਕਿ ' ਹਾਥੀ ਜੀਉਂਦਾ ਲੱਖ ਦਾ ਮੋਇਆ ਸਵਾ ਲੱਖ ਦਾ'।
ਇਨ੍ਹਾਂ ਲੋਕਾਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਦਾ ਬਹੁਤਾ ਇਤਬਾਰ ਕਰਨਾ ਹੀ ਨਹੀਂ ਚਾਹੀਦਾ। ਤੂੰ ਅਜੇ ਬਾਲੜੀ ਏਂ। ਤੂੰ ਨਹੀਂ ਜਾਣਦੀ ਕਿ ਇਹ ਸਭ ਹਾਥੀ ਦੇ ਦੰਦ ਨੇ ਖਾਣ ਨੂੰ ਹੋਰ ਤੇ ਵਿਖਾਣ ਨੂੰ ਹੋਰ।